ਸੋਸ਼ਲ ਮੀਡੀਆ 'ਤੇ ਨੌਜਵਾਨਾਂ ਨੂੰ ਅਪਰਾਧਾਂ ਲਈ ਉਕਸਾਉਣ ਵਾਲੇ ਗਿਰੋਹ ਦਾ ਪਰਦਾਫਾਸ਼, ਮਾਂਟਰੀਅਲ ਪੁਲਿਸ ਵੱਲੋਂ 75 ਗ੍ਰਿਫ਼ਤਾਰ
ਮਾਂਟਰੀਅਲ ਪੁਲਿਸ ਨੇ ਸੋਸ਼ਲ ਮੀਡੀਆ ਰਾਹੀਂ ਪੈਸੇ ਦੇ ਕੇ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿਵਾਉਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।
ਮਾਂਟਰੀਅਲ ਪੁਲਿਸ ਨੇ ਸੋਸ਼ਲ ਮੀਡੀਆ ਰਾਹੀਂ ਪੈਸੇ ਦੇ ਕੇ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿਵਾਉਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਫਰਵਰੀ ਤੋਂ ਹੁਣ ਤੱਕ 12 ਤੋਂ 24 ਸਾਲ ਦੀ ਉਮਰ ਦੇ 75 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਅਨੁਸਾਰ, ਗਿਰੋਹ ਦੇ ਮੈਂਬਰ ਸਨੈਪਚੈਟ, ਇੰਸਟਾਗ੍ਰਾਮ, ਟੈਲੀਗ੍ਰਾਮ ਅਤੇ ਸਿਗਨਲ ਵਰਗੇ ਪਲੇਟਫਾਰਮਾਂ ਦੀ ਮਦਦ ਨਾਲ ਨਾਬਾਲਗਾਂ ਅਤੇ ਨੌਜਵਾਨਾਂ ਨੂੰ ਆਸਾਨੀ ਨਾਲ ਪੈਸੇ ਕਮਾਉਣ ਦਾ ਲਾਲਚ ਦਿੰਦੇ ਸਨ। ਇਸ ਦੇ ਬਦਲੇ ਉਨ੍ਹਾਂ ਤੋਂ ਅੱਗਜ਼ਨੀ, ਵਾਹਨਾਂ ਦੀ ਚੋਰੀ ਅਤੇ ਗਹਿਣਿਆਂ ਦੀਆਂ ਦੁਕਾਨਾਂ ਵਿੱਚ ਲੁੱਟ-ਖੋਹ ਵਰਗੀਆਂ ਅਪਰਾਧਿਕ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਸਨ।
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਨੌਜਵਾਨ ਉਸ ਦੀ ਵੀਡੀਓ ਬਣਾਉਂਦੇ ਸਨ, ਤਾਂ ਜੋ ਆਪਣੇ ਵੱਲੋਂ ਦਿੱਤੇ ਗਏ ਕੰਮ ਨੂੰ ਪੂਰਾ ਕਰਨ ਦਾ ਸਬੂਤ ਦੇ ਸਕਣ। ਪੁਲਿਸ ਮੁਤਾਬਕ, ਇਸ ਪੂਰੇ ਨੈੱਟਵਰਕ ਦੀ ਜਾਂਚ ਸਾਲ 2024 ਵਿੱਚ ਵਾਪਰੀ ਇੱਕ ਦਰਦਨਾਕ ਘਟਨਾ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ। ਓਲਡ ਮਾਂਟਰੀਅਲ ਦੀ ਇੱਕ ਇਮਾਰਤ ਵਿੱਚ ਹੋਈ ਅੱਗਜ਼ਨੀ ਦੌਰਾਨ ਫਰਾਂਸ ਤੋਂ ਆਈ 43 ਸਾਲਾ ਮਹਿਲਾ ਅਤੇ ਉਸ ਦੀ ਸੱਤ ਸਾਲਾ ਧੀ ਦੀ ਮੌਤ ਹੋ ਗਈ ਸੀ। ਇਸ ਘਟਨਾ ਦੀ ਵੀਡੀਓ ਸਾਹਮਣੇ ਆਉਣ ਮਗਰੋਂ ਪੁਲਿਸ ਨੇ 'ਪ੍ਰੋਜੈਕਟ ਅਰੋਰਾ' ਤਹਿਤ ਜਾਂਚ ਸ਼ੁਰੂ ਕੀਤੀ ਸੀ।
ਪੁਲਿਸ ਨੇ ਦੱਸਿਆ ਕਿ ਮਾਂਟਰੀਅਲ ਸਮੇਤ ਪੂਰੇ ਕਿਊਬੈਕ ਸੂਬੇ ਵਿੱਚ ਇਸੇ ਤਰ੍ਹਾਂ ਦੇ ਕਰੀਬ 180 ਹੋਰ ਮਾਮਲਿਆਂ ਦੀ ਜਾਂਚ ਅਜੇ ਵੀ ਜਾਰੀ ਹੈ।