ਪੀਟ ਹੋਕਸਟ੍ਰਾ ਨੂੰ ਕੈਨੇਡਾ ਤੋਂ ਵਾਪਸ ਬੁਲਾਉਣ ਦੀ ਮੰਗ ਤੇਜ਼, 3 ਲੱਖ ਲੋਕਾਂ ਦੇ ਦਸਤਖ਼ਤਾਂ ਵਾਲੀ ਪਟੀਸ਼ਨ ਸੰਸਦ ’ਚ ਪਹੁੰਚੀ
ਕੈਨੇਡਾ ਵਿੱਚ ਅਮਰੀਕੀ ਰਾਜਦੂਤ ਵਜੋਂ ਤਾਇਨਾਤ ਪੀਟ ਹੋਕਸਟ੍ਰਾ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਹੁਣ ਸੰਸਦ ਤੱਕ ਪਹੁੰਚ ਗਈ ਹੈ।
ਕੈਨੇਡਾ ਵਿੱਚ ਅਮਰੀਕੀ ਰਾਜਦੂਤ ਵਜੋਂ ਤਾਇਨਾਤ ਪੀਟ ਹੋਕਸਟ੍ਰਾ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਹੁਣ ਸੰਸਦ ਤੱਕ ਪਹੁੰਚ ਗਈ ਹੈ। ਇਸ ਸਬੰਧੀ ਲਗਭਗ 3 ਲੱਖ ਕੈਨੇਡੀਅਨ ਨਾਗਰਿਕਾਂ ਦੇ ਦਸਤਖ਼ਤਾਂ ਵਾਲੀ ਪਟੀਸ਼ਨ ਰਸਮੀ ਤੌਰ 'ਤੇ ਹਾਊਸ ਆਫ਼ ਕਾਮਨਜ਼ ਵਿੱਚ ਪੇਸ਼ ਕੀਤੀ ਗਈ ਹੈ। ਇਹ ਮੁਹਿੰਮ ਜੁਲਾਈ ਮਹੀਨੇ ਵਿੱਚ ਕੈਲਗਰੀ ਦੀ ਇੱਕ ਮਹਿਲਾ ਵੱਲੋਂ ਸ਼ੁਰੂ ਕੀਤੀ ਗਈ ਸੀ। ਇਸ ਪਟੀਸ਼ਨ ਨੂੰ ਸਭ ਤੋਂ ਵੱਧ ਸਮਰਥਨ ਓਨਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਵੱਲੋਂ ਮਿਲਿਆ। 18 ਨਵੰਬਰ ਨੂੰ ਦਸਤਖ਼ਤ ਇਕੱਠੇ ਕਰਨ ਦੀ ਪ੍ਰਕਿਰਿਆ ਖ਼ਤਮ ਹੋਣ ਤੋਂ ਬਾਅਦ ਫੈਡਰਲ ਗ੍ਰੀਨ ਪਾਰਟੀ ਦੀ ਸੰਸਦ ਮੈਂਬਰ ਐਲਿਜ਼ਾਬੈਥ ਮੇਅ ਨੇ ਇਸ ਨੂੰ ਸੰਸਦ ਵਿੱਚ ਪੇਸ਼ ਕੀਤਾ।
ਪਟੀਸ਼ਨ ਰਾਹੀਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਪੀਟ ਹੋਕਸਟ੍ਰਾ ਨੂੰ 'ਪਰਸੋਨਾ ਨੌਨ ਗ੍ਰਾਟਾ' (ਅਣਚਾਹਿਆ ਵਿਅਕਤੀ) ਐਲਾਨਿਆ ਜਾਵੇ ਅਤੇ ਕੈਨੇਡਾ ਵਿੱਚ ਅਮਰੀਕੀ ਰਾਜਦੂਤ ਵਜੋਂ ਉਨ੍ਹਾਂ ਦੇ ਕੰਮ ਕਰਨ ਦੇ ਅਧਿਕਾਰ ਖ਼ਤਮ ਕੀਤੇ ਜਾਣ।
ਹਾਲਾਂਕਿ, ਇਸ ਪਟੀਸ਼ਨ ਦੇ ਆਧਾਰ 'ਤੇ ਸਰਕਾਰ ਲਈ ਤੁਰੰਤ ਕੋਈ ਕਾਰਵਾਈ ਕਰਨਾ ਲਾਜ਼ਮੀ ਨਹੀਂ ਹੈ, ਪਰ ਸੰਸਦੀ ਨਿਯਮਾਂ ਅਨੁਸਾਰ ਸਰਕਾਰ ਨੂੰ ਇਸ ਸਬੰਧੀ 45 ਦਿਨਾਂ ਦੇ ਅੰਦਰ ਆਪਣਾ ਅਧਿਕਾਰਤ ਜਵਾਬ ਦੇਣਾ ਪਵੇਗਾ।
ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਕਰੀਬੀ ਸਮਰਥਕ ਮੰਨੇ ਜਾਂਦੇ ਪੀਟ ਹੋਕਸਟ੍ਰਾ ਦਾ ਕਾਰਜਕਾਲ ਅਪ੍ਰੈਲ 2025 ਵਿੱਚ ਕੈਨੇਡਾ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਹੀ ਵਿਵਾਦਾਂ ਵਿੱਚ ਰਿਹਾ ਹੈ। ਉਨ੍ਹਾਂ ਦੀਆਂ ਨੀਤੀਆਂ ਅਤੇ ਬਿਆਨਾਂ ਨੂੰ ਲੈ ਕੇ ਕੈਨੇਡਾ ਵਿੱਚ ਲਗਾਤਾਰ ਨਾਰਾਜ਼ਗੀ ਸਾਹਮਣੇ ਆਉਂਦੀ ਰਹੀ ਹੈ।