ਲੋਰਨ ਡੋਰਕਸਨ ਨੇ ਬੀ.ਸੀ. ਦੇ 38ਵੇਂ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, 24 ਮੈਂਬਰੀ ਮੰਤਰੀ ਮੰਡਲ ਨੇ ਵੀ ਸੰਭਾਲਿਆ ਅਹੁਦਾ
ਬ੍ਰਿਟਿਸ਼ ਕੋਲੰਬੀਆ ਵਿੱਚ ਸ਼ੁੱਕਰਵਾਰ ਨੂੰ ਨਵੀਂ ਕੰਜ਼ਰਵੇਟਿਵ ਸਰਕਾਰ ਨੇ ਰਸਮੀ ਤੌਰ 'ਤੇ ਸੱਤਾ ਦੀ ਵਾਗਡੋਰ ਸੰਭਾਲ ਲਈ ਹੈ।
ਬ੍ਰਿਟਿਸ਼ ਕੋਲੰਬੀਆ ਵਿੱਚ ਸ਼ੁੱਕਰਵਾਰ ਨੂੰ ਨਵੀਂ ਕੰਜ਼ਰਵੇਟਿਵ ਸਰਕਾਰ ਨੇ ਰਸਮੀ ਤੌਰ 'ਤੇ ਸੱਤਾ ਦੀ ਵਾਗਡੋਰ ਸੰਭਾਲ ਲਈ ਹੈ। ਵਿਕਟੋਰੀਆ ਵਿਖੇ ਸਥਿਤ ਸਰਕਾਰੀ ਭਵਨ ਵਿੱਚ ਲੈਫਟੀਨੈਂਟ ਗਵਰਨਰ ਵੈਂਡੀ ਕੋਚੀਆ ਨੇ ਲੋਰਨ ਡੋਰਕਸਨ ਨੂੰ ਸੂਬੇ ਦੇ 38ਵੇਂ ਪ੍ਰੀਮੀਅਰ ਵਜੋਂ ਸਹੁੰ ਚੁਕਾਈ। ਇਸ ਮੌਕੇ ਉਨ੍ਹਾਂ ਦੇ ਨਾਲ 24 ਮੈਂਬਰੀ ਨਵੇਂ ਮੰਤਰੀ ਮੰਡਲ ਨੇ ਵੀ ਅਹੁਦੇ ਦੀ ਸਹੁੰ ਚੁੱਕੀ। ਨਵੀਂ ਕੈਬਨਿਟ ਵਿੱਚ ਪੀਟਰ ਮਿਲੋਬਾਰ, ਕੈਰੋਲਿਨ ਇਲੀਅਟ, ਜੈਸੀ ਸਹੋਤਾ, ਹਰਮਨ ਭੰਗੂ ਅਤੇ ਇਆਨ ਪੈਟਨ ਸਮੇਤ ਕਈ ਪ੍ਰਮੁੱਖ ਆਗੂ ਸ਼ਾਮਲ ਹਨ। ਇਨ੍ਹਾਂ ਵਿੱਚੋਂ 6 ਮੈਂਬਰਾਂ ਨੂੰ ਮਨਿਸਟਰ ਆਫ ਸਟੇਟ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਨਵੇਂ ਮੰਤਰੀ ਮੰਡਲ ਵਿੱਚ ਵਿਭਾਗਾਂ ਦੀ ਵੰਡ ਕਰਦਿਆਂ ਡੋਰਕਸਨ ਨੇ ਇਆਨ ਪੈਟਨ ਨੂੰ ਖੇਤੀਬਾੜੀ ਮੰਤਰੀ ਨਿਯੁਕਤ ਕੀਤਾ ਹੈ, ਜਦਕਿ ਕ੍ਰਿਸਟੀਨਾ ਲੋਵੇਨ ਪਰਿਵਾਰ ਅਤੇ ਬਾਲ ਵਿਕਾਸ ਮੰਤਰਾਲੇ ਦੀ ਜ਼ਿੰਮੇਵਾਰੀ ਨਿਭਾਉਣਗੇ। ਇਸੇ ਤਰ੍ਹਾਂ ਸੂਬੇ ਦੇ ਵਿੱਤ ਮੰਤਰਾਲੇ ਦਾ ਅਹਿਮ ਕਾਰਜਭਾਰ ਪੀਟਰ ਮਿਲੋਬਾਰ ਨੂੰ ਸੌਂਪਿਆ ਗਿਆ ਹੈ।
ਇਸ ਤੋਂ ਇਲਾਵਾ ਰਾਇਨ ਪੀਟਰਸਨ ਨੂੰ ਸਿਹਤ ਮੰਤਰੀ ਬਣਾਇਆ ਗਿਆ ਹੈ, ਜਦਕਿ ਹਰਮਨ ਭੰਗੂ ਨੂੰ ਕਿਰਤ ਵਿਭਾਗ ਲਈ ਮਨਿਸਟਰ ਆਫ ਸਟੇਟ ਦੀ ਜ਼ਿੰਮੇਵਾਰੀ ਮਿਲੀ ਹੈ। ਉੱਧਰ, ਜੈਸੀ ਸਹੋਤਾ ਨੂੰ ਸੂਬੇ ਦਾ ਪਬਲਿਕ ਸੇਫਟੀ ਮੰਤਰੀ ਨਿਯੁਕਤ ਕੀਤਾ ਗਿਆ ਹੈ। ਨਵੀਂ ਸਰਕਾਰ ਵੱਲੋਂ ਮੰਤਰੀਆਂ ਨੂੰ ਵਿਭਾਗਾਂ ਦੀ ਜ਼ਿੰਮੇਵਾਰੀ ਸੌਂਪਣ ਨਾਲ ਹੁਣ ਸੂਬੇ ਵਿੱਚ ਨਵਾਂ ਪ੍ਰਸ਼ਾਸਨਿਕ ਕੰਮਕਾਜ ਸ਼ੁਰੂ ਹੋ ਗਿਆ ਹੈ।