ਕੈਨੇਡਾ ਵਿੱਚ ਅਸਥਾਈ ਨਿਵਾਸੀਆਂ ਦੀ ਗਿਣਤੀ 2027 ਤੱਕ ਵੀ ਸਰਕਾਰੀ ਟੀਚੇ ਤੋਂ ਉੱਪਰ ਰਹਿਣ ਦੇ ਆਸਾਰ
ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ ਲੀਨਾ ਡਿਆਬ ਨੇ ਸੰਸਦੀ ਇਮੀਗ੍ਰੇਸ਼ਨ ਕਮੇਟੀ ਸਾਹਮਣੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ
ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ ਲੀਨਾ ਡਿਆਬ ਨੇ ਸੰਸਦੀ ਇਮੀਗ੍ਰੇਸ਼ਨ ਕਮੇਟੀ ਸਾਹਮਣੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ 2027 ਦੇ ਅੰਤ ਤੱਕ ਦੇਸ਼ ਦੀ ਕੁੱਲ ਆਬਾਦੀ ਵਿੱਚ ਅਸਥਾਈ ਨਿਵਾਸੀਆਂ (Non-Permanent Residents) ਦੀ ਹਿੱਸੇਦਾਰੀ ਲਗਭਗ 5.5 ਫੀਸਦੀ ਰਹਿਣ ਦੀ ਸੰਭਾਵਨਾ ਹੈ। ਇਹ ਅੰਕੜਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਵੱਲੋਂ ਤੈਅ ਕੀਤੇ ਗਏ 5 ਫੀਸਦੀ ਦੇ ਟੀਚੇ ਨਾਲੋਂ ਵੱਧ ਹੋਵੇਗਾ।
ਵੀਰਵਾਰ ਨੂੰ ਹਾਊਸ ਆਫ਼ ਕਾਮਨਜ਼ ਦੀ ਇਮੀਗ੍ਰੇਸ਼ਨ ਕਮੇਟੀ ਦੀ ਬੈਠਕ ਦੌਰਾਨ ਡਿਆਬ ਨੇ ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਇਸ ਸਾਲ 1 ਜੁਲਾਈ ਤੱਕ ਅਸਥਾਈ ਨਿਵਾਸੀਆਂ ਦੀ ਹਿੱਸੇਦਾਰੀ ਦੇਸ਼ ਦੀ ਕੁੱਲ ਆਬਾਦੀ ਦਾ 6.7 ਫੀਸਦੀ ਸੀ। ਹਾਲਾਂਕਿ, ਇਹ ਅਕਤੂਬਰ 2024 ਵਿੱਚ ਦਰਜ ਕੀਤੇ ਗਏ 7.4 ਫੀਸਦੀ ਦੇ ਸਭ ਤੋਂ ਉੱਚੇ ਪੱਧਰ ਨਾਲੋਂ ਘੱਟ ਹੈ।
ਇਮੀਗ੍ਰੇਸ਼ਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਕੁੱਲ ਆਬਾਦੀ ਦੇ 5 ਫੀਸਦੀ ਤੱਕ ਲਿਆਉਣ ਦੇ ਆਪਣੇ ਟੀਚੇ ਤੋਂ ਪਿੱਛੇ ਨਹੀਂ ਹਟੀ ਹੈ ਅਤੇ ਇਸ ਦਿਸ਼ਾ ਵਿੱਚ ਅਧਿਕਾਰੀਆਂ ਵੱਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਹਾਲਾਂਕਿ, ਉਨ੍ਹਾਂ ਇਹ ਸਪੱਸ਼ਟ ਨਹੀਂ ਕੀਤਾ ਕਿ ਸਰਕਾਰ ਇਸ ਟੀਚੇ ਨੂੰ ਕਿਸ ਸਮੇਂ ਤੱਕ ਪੂਰਾ ਕਰ ਸਕੇਗੀ।
ਗੌਰਤਲਬ ਹੈ ਕਿ ਮੰਤਰੀ ਦਾ ਇਹ ਬਿਆਨ ਸਰਕਾਰ ਵੱਲੋਂ 2027 ਤੋਂ 2029 ਤੱਕ ਲਈ ਤਿਆਰ ਕੀਤੀ ਗਈ ਨਵੀਂ ਇਮੀਗ੍ਰੇਸ਼ਨ ਯੋਜਨਾ ਦੇ ਸੰਦਰਭ ਵਿੱਚ ਆਇਆ ਹੈ। ਇਸ ਯੋਜਨਾ ਤਹਿਤ ਹਰ ਸਾਲ 3 ਲੱਖ 70 ਹਜ਼ਾਰ ਨਵੇਂ ਅਸਥਾਈ ਨਿਵਾਸੀਆਂ ਨੂੰ ਕੈਨੇਡਾ ਆਉਣ ਦੀ ਇਜਾਜ਼ਤ ਦੇਣ ਦਾ ਟੀਚਾ ਰੱਖਿਆ ਗਿਆ ਹੈ।