ਕਾਰਨੀ ਸਰਕਾਰ ਸਾਲ ਦੇ ਅੰਤ ਤੱਕ ਅਮਰੀਕਾ ਨਾਲ ਵਪਾਰਕ ਸਮਝੌਤਾ ਕਰਨ ਲਈ ਸਰਗਰਮ
ਕੈਨੇਡਾ ਅਤੇ ਅਮਰੀਕਾ ਵਿਚਾਲੇ ਵਧ ਰਹੇ ਵਪਾਰਕ ਤਣਾਅ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਇਸ ਸਾਲ ਦੇ ਅਖੀਰ ਤੱਕ ਟਰੰਪ ਪ੍ਰਸ਼ਾਸਨ ਨਾਲ ਇੱਕ ਅੰਤਰਿਮ ਵਪਾਰਕ ਸਮਝੌਤਾ ਕਰਨ ਦੀ ਕੋਸ਼ਿਸ਼ ਵਿੱਚ ਜੁਟੀ ਹੋਈ ਹੈ।
ਕੈਨੇਡਾ ਅਤੇ ਅਮਰੀਕਾ ਵਿਚਾਲੇ ਵਧ ਰਹੇ ਵਪਾਰਕ ਤਣਾਅ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਇਸ ਸਾਲ ਦੇ ਅਖੀਰ ਤੱਕ ਟਰੰਪ ਪ੍ਰਸ਼ਾਸਨ ਨਾਲ ਇੱਕ ਅੰਤਰਿਮ ਵਪਾਰਕ ਸਮਝੌਤਾ ਕਰਨ ਦੀ ਕੋਸ਼ਿਸ਼ ਵਿੱਚ ਜੁਟੀ ਹੋਈ ਹੈ। ਇਸ ਪਹਿਲ ਦਾ ਮੁੱਖ ਮਕਸਦ ਨਵੇਂ ਸਾਲ ਤੋਂ ਕੈਨੇਡੀਅਨ ਵਾਹਨਾਂ, ਆਟੋ ਪਾਰਟਸ ਅਤੇ ਸਟੀਲ 'ਤੇ ਵਾਧੂ ਟੈਰਿਫ ਲੱਗਣ ਦੇ ਖ਼ਤਰੇ ਨੂੰ ਘਟਾਉਣਾ ਹੈ।
ਵਪਾਰਕ ਗੱਲਬਾਤ ਅਸਫਲ ਰਹਿਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚਿਤਾਵਨੀ ਦਿੱਤੀ ਸੀ ਕਿ 1 ਜਨਵਰੀ ਤੋਂ ਕੈਨੇਡਾ ਦੀਆਂ ਆਟੋਮੋਬਾਈਲਜ਼ 'ਤੇ ਟੈਰਿਫ 25 ਫੀਸਦੀ ਤੋਂ ਵਧਾ ਕੇ 50 ਫੀਸਦੀ ਕੀਤਾ ਜਾ ਸਕਦਾ ਹੈ। ਇਸ ਸੰਭਾਵਿਤ ਵਾਧੇ ਨੂੰ ਲੈ ਕੇ ਆਟੋ ਕੰਪਨੀਆਂ ਅਤੇ ਉਦਯੋਗਿਕ ਸੰਗਠਨਾਂ ਨੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹਾ ਕਦਮ ਦੋਵਾਂ ਦੇਸ਼ਾਂ ਵਿਚਾਲੇ ਦਹਾਕਿਆਂ ਤੋਂ ਚੱਲ ਰਹੀ ਸਪਲਾਈ ਚੇਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦਾ ਹੈ। ਇਸ ਨਾਲ ਹਜ਼ਾਰਾਂ ਨੌਕਰੀਆਂ ਖ਼ਤਰੇ ਵਿੱਚ ਪੈਣ ਅਤੇ ਕਈ ਉਤਪਾਦਨ ਇਕਾਈਆਂ ਬੰਦ ਹੋਣ ਦੀ ਨੌਬਤ ਵੀ ਆ ਸਕਦੀ ਹੈ।
ਦੂਜੇ ਪਾਸੇ, ਅਮਰੀਕਾ ਨਾਲ ਵਪਾਰਕ ਮਾਮਲਿਆਂ ਦੀ ਜ਼ਿੰਮੇਵਾਰੀ ਸੰਭਾਲ ਰਹੇ ਮੰਤਰੀ ਡੋਮਿਨਿਕ ਲੇਬਲੈਂਕ ਨੇ ਕਿਹਾ ਹੈ ਕਿ ਗੱਲਬਾਤ ਦੌਰਾਨ ਕੁਝ ਤਰੱਕੀ ਹੋਈ ਹੈ, ਪਰ ਅਜੇ ਤੱਕ ਅਜਿਹਾ ਕੋਈ ਨਤੀਜਾ ਨਹੀਂ ਨਿਕਲਿਆ ਜਿਸ ਨੂੰ ਕੈਨੇਡਾ ਦੀ ਆਰਥਿਕਤਾ ਲਈ ਪੂਰੀ ਤਰ੍ਹਾਂ ਲਾਹੇਵੰਦ ਮੰਨਿਆ ਜਾ ਸਕੇ। ਉਨ੍ਹਾਂ ਇਹ ਵੀ ਸੰਕੇਤ ਦਿੱਤਾ ਕਿ ਜੇਕਰ ਦੋਵਾਂ ਦੇਸ਼ਾਂ ਵਿਚਾਲੇ ਸਮਝੌਤਾ ਹੋ ਜਾਂਦਾ ਹੈ, ਤਾਂ ਵੀ ਕੈਨੇਡੀਅਨ ਸਟੀਲ ਅਤੇ ਆਟੋ ਉਦਯੋਗ 'ਤੇ ਅਮਰੀਕੀ ਟੈਰਿਫ ਪੂਰੀ ਤਰ੍ਹਾਂ ਖ਼ਤਮ ਹੋਣ ਦੀ ਬਜਾਏ ਕੁਝ ਹੱਦ ਤੱਕ ਘੱਟ ਦਰਾਂ ਨਾਲ ਜਾਰੀ ਰਹਿ ਸਕਦੇ ਹਨ।