ਕੈਨੇਡਾ ਵਿੱਚ ਨਸ਼ਾ ਤਸਕਰੀ ਖ਼ਿਲਾਫ਼ ਵੱਡੀ ਕਾਰਵਾਈ, ਕਰੀਬ $9.7 ਲੱਖ ਦੀ ਡਰੱਗ ਸਮੇਤ 9 ਗ੍ਰਿਫ਼ਤਾਰ
ਕੈਨੇਡਾ ਵਿੱਚ ਚੱਲ ਰਹੇ ਅੰਤਰ-ਸੂਬਾਈ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਵਿਨੀਪੈਗ ਪੁਲਿਸ ਨੇ ਵੱਖ-ਵੱਖ ਜਾਂਚ ਏਜੰਸੀਆਂ ਨਾਲ ਮਿਲ ਕੇ ਵੱਡੀ ਕਾਰਵਾਈ ਕੀਤੀ ਹੈ।
ਕੈਨੇਡਾ ਵਿੱਚ ਚੱਲ ਰਹੇ ਅੰਤਰ-ਸੂਬਾਈ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਵਿਨੀਪੈਗ ਪੁਲਿਸ ਨੇ ਵੱਖ-ਵੱਖ ਜਾਂਚ ਏਜੰਸੀਆਂ ਨਾਲ ਮਿਲ ਕੇ ਵੱਡੀ ਕਾਰਵਾਈ ਕੀਤੀ ਹੈ। ਇਸ ਸਾਂਝੇ ਆਪ੍ਰੇਸ਼ਨ ਦੌਰਾਨ ਕੁੱਲ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਲਗਭਗ 970,000 ਡਾਲਰ ਮੁੱਲ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ। ਇਸ ਕਾਰਵਾਈ ਵਿੱਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA), ਪੀਲ ਰੀਜਨਲ ਪੁਲਿਸ ਅਤੇ RCMP ਨੇ ਵੀ ਸਹਿਯੋਗ ਦਿੱਤਾ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚੋਂ ਛੇ ਵਿਨੀਪੈਗ ਨਾਲ ਸਬੰਧਤ ਹਨ। ਇਨ੍ਹਾਂ ਵਿੱਚ 57 ਸਾਲਾ ਦਵਿੰਦਰ ਸਿੰਘ ਅਤੇ 32 ਸਾਲਾ ਤਰੁਣਦੇਵ ਸਿੰਘ ਸ਼ਾਮਲ ਹਨ, ਜੋ ਆਪਸ ਵਿੱਚ ਪਿਓ-ਪੁੱਤ ਹਨ। ਇਸ ਤੋਂ ਇਲਾਵਾ 24 ਸਾਲਾ ਕਰਨਵੀਰ ਸਿੰਘ, 47 ਸਾਲਾ ਅਮਨਦੀਪ ਸਿੰਘ, 37 ਸਾਲਾ ਮਨਦੀਪ ਸਿੰਘ ਦੱਤਾ ਅਤੇ 25 ਸਾਲਾ ਮਗਨਪ੍ਰੀਤ ਬੋਪਾਰਾਏ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ।
ਦੂਜੇ ਪਾਸੇ, ਗ੍ਰੇਟਰ ਟੋਰਾਂਟੋ ਏਰੀਆ ਵਿੱਚੋਂ ਤਿੰਨ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਦੀ ਪਛਾਣ 37 ਸਾਲਾ ਤਰਨਵੀਰ ਸੰਧੂ, 34 ਸਾਲਾ ਕਰਨ ਜੋਸ਼ੀ ਅਤੇ 43 ਸਾਲਾ ਮਨਜਿੰਦਰ ਸਿੰਘ ਸੱਗੂ ਵਜੋਂ ਕੀਤੀ ਗਈ ਹੈ।
ਪੁਲਿਸ ਜਾਂਚ ਅਨੁਸਾਰ, ਇਹ ਨੈੱਟਵਰਕ ਓਂਟਾਰੀਓ, ਬ੍ਰਿਟਿਸ਼ ਕੋਲੰਬੀਆ ਅਤੇ ਐਲਬਰਟਾ ਤੋਂ ਨਸ਼ੀਲੇ ਪਦਾਰਥ ਇਕੱਠੇ ਕਰਕੇ ਵਿਨੀਪੈਗ ਤੱਕ ਪਹੁੰਚਾਉਂਦਾ ਸੀ। ਨਸ਼ਿਆਂ ਦੀ ਸਪਲਾਈ ਲਈ ਨਿੱਜੀ ਵਾਹਨਾਂ ਤੋਂ ਇਲਾਵਾ ਕੋਰੀਅਰ ਕੰਪਨੀਆਂ, ਡਾਕ ਰਾਹੀਂ ਭੇਜੀਆਂ ਜਾਣ ਵਾਲੀਆਂ ਖੇਪਾਂ ਅਤੇ ਵਪਾਰਕ ਹਵਾਈ ਸੇਵਾਵਾਂ ਦੀ ਵਰਤੋਂ ਕੀਤੀ ਜਾਂਦੀ ਸੀ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ 9 ਵਿਅਕਤੀਆਂ ਵਿੱਚੋਂ ਚਾਰ ਨੂੰ ਰਿਹਾਈ ਦੇ ਹੁਕਮਾਂ ਤਹਿਤ ਜ਼ਮਾਨਤ ਮਿਲ ਚੁੱਕੀ ਹੈ।