ਕੈਨੇਡਾ 'ਚ ਮਹਿੰਗਾਈ ਦਰ 3.1% 'ਤੇ ਬਰਕਰਾਰ, ਪੈਟਰੋਲ ਦੀਆਂ ਵਧੀਆਂ ਕੀਮਤਾਂ ਨੇ ਪਾਇਆ ਵੱਡਾ ਅਸਰ
ਕੈਨੇਡਾ ਵਿੱਚ ਅਕਤੂਬਰ ਮਹੀਨੇ ਦੌਰਾਨ ਸਾਲਾਨਾ ਮਹਿੰਗਾਈ ਦਰ 3.1 ਫੀਸਦੀ ਦਰਜ ਕੀਤੀ ਗਈ ਹੈ।
ਕੈਨੇਡਾ ਵਿੱਚ ਅਕਤੂਬਰ ਮਹੀਨੇ ਦੌਰਾਨ ਸਾਲਾਨਾ ਮਹਿੰਗਾਈ ਦਰ 3.1 ਫੀਸਦੀ ਦਰਜ ਕੀਤੀ ਗਈ ਹੈ। ਇਹ ਦਰ ਸਤੰਬਰ ਦੇ ਮੁਕਾਬਲੇ ਬਦਲੀ ਨਹੀਂ ਹੈ, ਪਰ ਅਜੇ ਵੀ ਬੈਂਕ ਆਫ ਕੈਨੇਡਾ ਵੱਲੋਂ ਨਿਰਧਾਰਤ 3 ਫੀਸਦੀ ਦੀ ਉੱਪਰੀ ਸੀਮਾ ਤੋਂ ਵੱਧ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ, ਮਹਿੰਗਾਈ ਦਰ ਨੂੰ ਇਸ ਪੱਧਰ 'ਤੇ ਬਣਾਈ ਰੱਖਣ ਵਿੱਚ ਪੈਟਰੋਲ ਦੀਆਂ ਮਹਿੰਗੀਆਂ ਕੀਮਤਾਂ ਦਾ ਮੁੱਖ ਯੋਗਦਾਨ ਰਿਹਾ ਹੈ।
ਰਿਪੋਰਟ ਅਨੁਸਾਰ, ਜੇਕਰ ਪੈਟਰੋਲ ਦੀਆਂ ਕੀਮਤਾਂ ਨੂੰ ਗਣਨਾ ਵਿੱਚੋਂ ਹਟਾ ਦਿੱਤਾ ਜਾਵੇ ਤਾਂ ਸਾਲਾਨਾ ਮਹਿੰਗਾਈ ਦਰ 2 ਫੀਸਦੀ ਰਹਿੰਦੀ ਹੈ। ਇਸੇ ਦੌਰਾਨ ਕਰਿਆਨੇ ਦੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਵੀ ਮੁੜ ਵਾਧਾ ਦਰਜ ਕੀਤਾ ਗਿਆ ਹੈ। ਲਗਾਤਾਰ ਚਾਰ ਮਹੀਨਿਆਂ ਤੱਕ ਹੌਲੀ ਰਹਿਣ ਤੋਂ ਬਾਅਦ ਗ੍ਰੋਸਰੀ ਦੀਆਂ ਕੀਮਤਾਂ ਵਿੱਚ ਤੇਜ਼ੀ ਆਈ ਅਤੇ ਸਾਲਾਨਾ ਆਧਾਰ 'ਤੇ ਇਹ ਵਾਧਾ 2 ਫੀਸਦੀ ਰਿਹਾ। ਜ਼ਿਕਰਯੋਗ ਹੈ ਕਿ 28 ਅਕਤੂਬਰ ਨੂੰ ਹੋਈ ਮੀਟਿੰਗ ਦੌਰਾਨ ਬੈਂਕ ਆਫ ਕੈਨੇਡਾ ਨੇ ਮਹਿੰਗਾਈ ਨਾਲ ਜੁੜੇ ਖਤਰਿਆਂ ਨੂੰ ਧਿਆਨ ਵਿੱਚ ਰੱਖਦਿਆਂ ਮੁੱਖ ਵਿਆਜ ਦਰ ਵਿੱਚ 0.25 ਫੀਸਦੀ ਦਾ ਵਾਧਾ ਕੀਤਾ ਸੀ।
ਹੁਣ ਕੇਂਦਰੀ ਬੈਂਕ ਦੀ ਅਗਲੀ ਨੀਤੀਗਤ ਬੈਠਕ 9 ਦਸੰਬਰ ਨੂੰ ਹੋਣੀ ਹੈ। ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਬਾਜ਼ਾਰ ਵਿੱਚ ਇਸ ਮੀਟਿੰਗ ਦੌਰਾਨ ਵਿਆਜ ਦਰਾਂ ਮੁੜ ਵਧਾਏ ਜਾਣ ਦੀ ਸੰਭਾਵਨਾ ਘੱਟ ਮੰਨੀ ਜਾ ਰਹੀ ਹੈ। ਹਾਲਾਂਕਿ, 27 ਜਨਵਰੀ ਨੂੰ ਹੋਣ ਵਾਲੀ ਬੈਠਕ ਵਿੱਚ 0.25 ਫੀਸਦੀ ਵਾਧੇ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਅਕਤੂਬਰ 2027 ਤੱਕ ਵਿਆਜ ਦਰਾਂ ਵਿੱਚ ਕੁੱਲ ਤਿੰਨ ਵਾਰ ਵਾਧਾ ਹੋਣ ਦੀ ਭਵਿੱਖਬਾਣੀ ਵੀ ਕੀਤੀ ਜਾ ਰਹੀ ਹੈ।