ਕੈਨੇਡਾ 'ਚ ਘਰਾਂ ਦੀ ਵਿਕਰੀ ਨੂੰ ਲੱਗੀ ਬ੍ਰੇਕ, ਅਕਤੂਬਰ ਦੌਰਾਨ ਸਾਲਾਨਾ ਆਧਾਰ 'ਤੇ 10.6% ਦੀ ਗਿਰਾਵਟ
ਕੈਨੇਡਾ ਦੇ ਰੀਅਲ ਅਸਟੇਟ ਬਾਜ਼ਾਰ ਵਿੱਚ ਅਕਤੂਬਰ 2026 ਦੌਰਾਨ ਘਰਾਂ ਦੀ ਵਿਕਰੀ ਸੁਸਤ ਰਹੀ।
ਕੈਨੇਡਾ ਦੇ ਰੀਅਲ ਅਸਟੇਟ ਬਾਜ਼ਾਰ ਵਿੱਚ ਅਕਤੂਬਰ 2026 ਦੌਰਾਨ ਘਰਾਂ ਦੀ ਵਿਕਰੀ ਸੁਸਤ ਰਹੀ। ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ (CREA) ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ, ਪਿਛਲੇ ਮਹੀਨੇ ਦੇਸ਼ ਭਰ ਵਿੱਚ ਕੁੱਲ 37,827 ਮਕਾਨਾਂ ਦੀ ਖਰੀਦ-ਫਰੋਖਤ ਹੋਈ। ਇਹ ਗਿਣਤੀ ਪਿਛਲੇ ਸਾਲ ਅਕਤੂਬਰ ਦੇ ਮੁਕਾਬਲੇ 10.6 ਫੀਸਦੀ ਘੱਟ ਹੈ।
ਦੂਜੇ ਪਾਸੇ, ਸਤੰਬਰ 2026 ਦੇ ਮੁਕਾਬਲੇ ਮਹੀਨਾਵਾਰ ਵਿਕਰੀ ਵਿੱਚ 0.3 ਫੀਸਦੀ ਦਾ ਹਲਕਾ ਵਾਧਾ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਦੇਸ਼ ਵਿੱਚ ਘਰਾਂ ਦੀ ਔਸਤ ਵਿਕਰੀ ਕੀਮਤ ਵਿੱਚ ਵੀ ਕਮੀ ਆਈ ਹੈ। ਇਸ ਤੋਂ ਇਲਾਵਾ, ਵਿਕਰੀ ਲਈ ਬਾਜ਼ਾਰ ਵਿੱਚ ਆਉਣ ਵਾਲੀਆਂ ਨਵੀਆਂ ਜਾਇਦਾਦਾਂ ਦੀ ਗਿਣਤੀ ਵੀ ਪਿਛਲੇ ਸਾਲ ਦੇ ਇਸੇ ਸਮੇਂ ਦੇ ਮੁਕਾਬਲੇ 5.5 ਫੀਸਦੀ ਘੱਟ ਰਹੀ। CREA ਦੇ ਸੀਨੀਅਰ ਅਰਥਸ਼ਾਸਤਰੀ ਸ਼ੌਨ ਕੈਥਕਾਰਟ ਦਾ ਮੰਨਣਾ ਹੈ ਕਿ ਵਿਆਜ ਦਰਾਂ ਵਿੱਚ ਹੋਏ ਵਾਧੇ ਦਾ ਅਸਰ ਆਉਣ ਵਾਲੇ ਸਮੇਂ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਹੈ ਅਤੇ ਸਾਲ ਦੇ ਅਖੀਰ ਤੱਕ ਘਰਾਂ ਦੀ ਵਿਕਰੀ ਹੋਰ ਘਟਣ ਦੀ ਸੰਭਾਵਨਾ ਹੈ।
CREA ਦੀ ਰਿਪੋਰਟ ਮੁਤਾਬਕ, ਅਕਤੂਬਰ ਦੌਰਾਨ ਕੈਨੇਡਾ ਵਿੱਚ ਇੱਕ ਘਰ ਦੀ ਰਾਸ਼ਟਰੀ ਔਸਤ ਕੀਮਤ 656,200 ਡਾਲਰ ਰਹੀ, ਜੋ ਇੱਕ ਸਾਲ ਪਹਿਲਾਂ ਦੇ ਮੁਕਾਬਲੇ 3.1 ਫੀਸਦੀ ਘੱਟ ਹੈ। ਖਾਸ ਤੌਰ 'ਤੇ ਓਨਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਦੇ ਰੀਅਲ ਅਸਟੇਟ ਬਾਜ਼ਾਰਾਂ ਵਿੱਚ ਮੰਦੀ ਦਾ ਰੁਝਾਨ ਜਾਰੀ ਹੈ ਅਤੇ ਇਨ੍ਹਾਂ ਸੂਬਿਆਂ ਵਿੱਚ ਘਰਾਂ ਦੀ ਖਰੀਦ-ਫਰੋਖਤ ਦੀ ਰਫ਼ਤਾਰ ਕਾਫ਼ੀ ਹੌਲੀ ਬਣੀ ਹੋਈ ਹੈ।