ਗੁਰਪਤਵੰਤ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਮਾਮਲੇ ’ਚ ਨਿਖਿਲ ਗੁਪਤਾ ਨੂੰ 19 ਸਾਲ 7 ਮਹੀਨੇ ਦੀ ਜੇਲ੍ਹ
ਅਮਰੀਕਾ ਅਤੇ ਕੈਨੇਡਾ ਦੀ ਦੋਹਰੀ ਨਾਗਰਿਕਤਾ ਰੱਖਣ ਵਾਲੇ ਸਿੱਖ ਫਾਰ ਜਸਟਿਸ ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਨਾਲ ਜੁੜੇ ਮਾਮਲੇ ਵਿੱਚ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਅਮਰੀਕੀ ਅਦਾਲਤ ਨੇ 235 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਹੈ।
ਅਮਰੀਕਾ ਅਤੇ ਕੈਨੇਡਾ ਦੀ ਦੋਹਰੀ ਨਾਗਰਿਕਤਾ ਰੱਖਣ ਵਾਲੇ ਸਿੱਖ ਫਾਰ ਜਸਟਿਸ ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਨਾਲ ਜੁੜੇ ਮਾਮਲੇ ਵਿੱਚ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਅਮਰੀਕੀ ਅਦਾਲਤ ਨੇ 235 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਹੈ। 55 ਸਾਲਾ ਗੁਪਤਾ ਖ਼ਿਲਾਫ਼ ਇਹ ਫੈਸਲਾ ਨਿਊਯਾਰਕ ਦੀ ਅਦਾਲਤ ਦੇ ਜੱਜ ਵਿਕਟਰ ਮਰੇਰੋ ਨੇ ਸ਼ੁੱਕਰਵਾਰ ਨੂੰ ਸੁਣਾਇਆ। ਇਸ ਮੌਕੇ ਗੁਰਪਤਵੰਤ ਪੰਨੂ ਵੀ ਅਦਾਲਤ ਵਿੱਚ ਮੌਜੂਦ ਸਨ।
ਮਾਮਲੇ ਅਨੁਸਾਰ, ਨਿਖਿਲ ਗੁਪਤਾ ਨੇ ਇਸ ਸਾਲ ਫਰਵਰੀ ਵਿੱਚ ਆਪਣੇ ਖ਼ਿਲਾਫ਼ ਲੱਗੇ ਤਿੰਨ ਗੰਭੀਰ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਸੀ। ਇਨ੍ਹਾਂ ਵਿੱਚ ਅਮਰੀਕਾ ਦੀ ਧਰਤੀ 'ਤੇ ਭਾੜੇ ਦੇ ਕਾਤਲਾਂ ਰਾਹੀਂ ਪੰਨੂ ਦੀ ਹੱਤਿਆ ਕਰਵਾਉਣ ਦੀ ਯੋਜਨਾ ਬਣਾਉਣਾ, ਕਤਲ ਦੀ ਸਾਜ਼ਿਸ਼ ਰਚਣਾ ਅਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਸ਼ਾਮਲ ਸੀ। ਅਮਰੀਕੀ ਸਰਕਾਰੀ ਵਕੀਲਾਂ ਨੇ ਗੁਪਤਾ ਨੂੰ 24 ਸਾਲ ਦੀ ਕੈਦ ਦੇਣ ਦੀ ਮੰਗ ਕੀਤੀ ਸੀ, ਪਰ ਦੋਵਾਂ ਧਿਰਾਂ ਦੀਆਂ ਦਲੀਲਾਂ 'ਤੇ ਵਿਚਾਰ ਕਰਨ ਤੋਂ ਬਾਅਦ ਅਦਾਲਤ ਨੇ 19 ਸਾਲ ਅਤੇ 7 ਮਹੀਨੇ ਦੀ ਸਜ਼ਾ ਤੈਅ ਕੀਤੀ।
ਸੁਣਵਾਈ ਦੌਰਾਨ ਅਦਾਲਤ ਵਿੱਚ ਆਪਣਾ ਪੱਖ ਰੱਖਦਿਆਂ ਗੁਪਤਾ ਨੇ ਕਿਹਾ ਕਿ ਉਸ ਨੂੰ ਮਹਾਤਮਾ ਗਾਂਧੀ ਵੱਲੋਂ ਦਰਸਾਏ ਗਏ ਅਹਿੰਸਾ ਦੇ ਸਿਧਾਂਤਾਂ ਤੋਂ ਦੂਰ ਜਾਣ ਦਾ ਅਫ਼ਸੋਸ ਹੈ। ਉੱਧਰ, ਗੁਰਪਤਵੰਤ ਪੰਨੂ ਨੇ ਇਸ ਮਾਮਲੇ ਵਿੱਚ ਨਿਖਿਲ ਗੁਪਤਾ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਅਮਰੀਕੀ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਸਿੱਖ ਪ੍ਰਭੂਸੱਤਾ ਦੇ ਹੱਕ ਵਿੱਚ ਆਪਣੀ ਆਵਾਜ਼ ਅਤੇ ਵਕਾਲਤ ਪਹਿਲਾਂ ਵਾਂਗ ਜਾਰੀ ਰੱਖਣਗੇ।